ਸਿੰਘਾਪੁਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ

scoot

ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਦੇ ਮਾਣ ‘ਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦ ਸਿੰਘਾਪੁਰ ਤੋਂ ਸਿੱਧੀ ਉਡਾਣ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪੁੱਜੀ। 1:50 ਵਜੇ 137 ਯਾਤਰੀਆਂ ਨੂੰ ਲੈ ਕੇ ਬੋਇੰਗ 787-9 ਡਰੀਮ ਲਾਈਨ ਸਕੂਟ ਏਅਰਵੇਜ਼ ਦੀ ਇਹ ਪਲੇਠੀ ਉਡਾਣ ਜਦ ਇਥੇ ਪੁੱਜੀ ਤਾਂ ਤਾਇਨਾਤ ਡਾਇਰੈਕਟਰ ਵੀ. ਵੀ. ਰਾਓ ਦੀ ਅਗਵਾਈ ਹੇਠ ਵੱਖ-ਵੱਖ ਅਧਿਕਾਰੀਆਂ ਵੱਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਸ੍ਰੀ ਰਾਓ ਨੇ ਦੱਸਿਆ ਕਿ 250 ਯਾਤਰੀਆਂ ਦੀ ਸਮਰੱਥਾ ਵਾਲੀ ਇਹ ਉਡਾਨ ਹਫ਼ਤੇ ‘ਚ ਤਿੰਨ ਦਿਨ (ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ) ਹੋਇਆ ਕਰੇਗੀ। ਇਸ ਉਡਾਨ ਰਾਹੀਂ ਸਫ਼ਰ ਕਰਨ ਵਾਲੇ ਯਾਤਰੂ ਅਨੂਹਰਲੀਨ ਸਿੰਘ ਵਾਸੀ ਭੋਗਪੁਰ (ਜਲੰਧਰ) ਨੇ ਦੱਸਿਆ ਕਿ ਉਹ ਮੈਲਬੌਰਨ (ਆਸਟਰੇਲੀਆ) ਵਿਖੇ ਬਤੌਰ ਪੁਲਿਸ ਕਰਮਚਾਰੀ ਹੈ ਤੇ ਇਸ ਉਡਾਣ ਰਾਹੀਂ ਸਫ਼ਰ ਕਰਕੇ ਜਿੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਈ ਉਥੇ ਹੀ ਇਸ ਉਡਾਣ ਰਾਹੀਂ ਉਨ੍ਹਾਂ ਦਾ ਲਗਭਗ 9 ਘੰਟੇ ਦਾ ਸਫ਼ਰ ਵੀ ਘਟ ਗਿਆ। ਦੱਸਣਯੋਗ ਹੈ ਕਿ ਚਿਰਾਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਉਡਾਨ ‘ਚ 12 ਟਨ ਕਾਰਗੋ ਸਮਰੱਥਾ ਹੈ ਤੇ ਇਸੇ ਲੜੀ ਤਹਿਤ ਅੱਜ ਇਸੇ ਉਡਾਣ ਰਾਹੀਂ ਵੱਖ-ਵੱਖ ਚੀਜ਼ਾਂ ਦਾ 5 ਟਨ ਕਾਰਗੋ ਵੀ ਇਥੋਂ ਰਵਾਨਾ ਹੋਇਆ। ਅੱਜ ਇਹ ਉਡਾਣ ਵਾਪਸੀ ਸਮੇਂ 226 ਦੇ ਕਰੀਬ ਯਾਤਰੀ ਲੈ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।